the punjabi culture totaly different and rich compair to other counteries
ਜੀ ਆਇਆਂ ਨੂੰ ਮਹਿਮਾਨ ਜੀ,
ਪੰਜਾਬੀ ਪਰਿਵਾਰ ਦੇ ਜੀਓ!
ਪੰਜਾਬੀ ਮਾਂ-ਬੋਲੀ! ਸਾਡੀ ਸਮੂਹ ਪੰਜਾਬੀ ਬੋਲਣ ਵਾਲਿਆਂ ਦੀ ਮਾਂ। ਮਾਂ ਸਾਰਿਆ ਨੂੰ ਜਾਨੋਂ ਵਧ ਕੇ ਹੁੰਦੀ ਹੈ। ਕੋਈ ਕਿੰਨਾ ਵੀ ਵੱਡਾ ਅਫਸਰ ਬਣ ਜਾਵੇ, ਬਾਦਸ਼ਾਹ ਬਣ ਜਾਵੇ, ਮਾਂ ਤੋਂ ਵੱਡਾ ਨਹੀਂ ਹੋ ਸਕਦਾ। ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਂ ਅਕਾਲ ਚਲਾਣਾ ਕਰ ਗਈ ਤਾਂ ਉਨ੍ਹਾਂ ਦੇ ਮੂੰਹੋਂ ਇਹ ਸ਼ਬਦ ਨਿਕਲੇ ਸਨ "ਅੱਜ ਮੈਨੂੰ ਮਹਾਰਾਜਾ ਕਹਿਣ ਵਾਲੇ ਤਾਂ ਬਹੁਤ ਨੇ ਪਰ 'ਓਏ ਰਣਜੀਤਿਆ' ਕਹਿਣ ਵਾਲਾ ਕੋਈ ਨੀ ਰਿਹਾ"। ਬਸ ਇਹੋ ਜਿਹੀ ਹੀ ਸਾਂਝ ਹੈ ਸਾਡੀ ਆਪਣੀ ਮਾਂ ਪੰਜਾਬੀ ਨਾਲ। ਅਸੀਂ ਕਿਸੇ ਵੀ ਭਾਸ਼ਾ ਨੂੰ ਸਿੱਖ ਕੇ ਆਪਣੇ ਵਿਚਾਰ ਬੇਹਤਰੀਨ ਤਰੀਕੇ ਨਾਲ ਉਸ ਭਾਸ਼ਾ ਵਿੱਚ ਪ੍ਰਗਟ ਕਰ ਸਕਦੇ ਹਾਂ ਪਰ ਸਾਡੇ ਜਜ਼ਬਾਤਾਂ ਦਾ, ਸਾਡੇ ਵਿਚਾਰਾਂ ਦਾ ਜੋ ਸੱਚ ਸਾਡੀ ਮਾਂ ਬੋਲੀ ਪੇਸ਼ ਕਰਦੀ ਹੈ ਉਸ ਦਾ ਕੋਈ ਵੀ ਮੁਕਾਬਲਾ ਨਹੀਂ। ਓਏ, ਨੀ, ਵੇ, ਤੂੰ ਕਹਿਣ ਦਾ ਜੋ ਸਵਾਦ ਹੈ ਉਹ ਅੱਖਰਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਪਰ ਬਦਲਦੇ ਵਕਤ ਨਾਲ ਬਦਲਦੇ ਮਹੌਲ ਵਿੱਚ, ਬਦਲ ਚੁੱਕੇ ਵਿਦਿਅਕ ਅਤੇ ਕਾਰੋਬਾਰੀ ਮਾਹੌਲ ਵਿੱਚ ਅਸੀਂ ਆਪਣੀ ਮਾਂ ਬੋਲੀ ਨੂੰ ਛੱਡ ਕੇ ਹੋਰ ਬੋਲੀਆਂ ਨੂੰ ਵਰਤੋਂ ਵਿੱਚ ਲਿਆਉਣ ਲਗੇ ਹਾਂ। ਪੰਜਾਬੀ ਮਾਂ ਦੀ ਔਲਾਦ ਹੁਣ ਸਿਰਫ ਪੰਜਾਬ ਦੀਆ ਹੱਦਾਂ ਵਿੱਚ ਨਹੀਂ ਵਸਦੀ ਸਗੋਂ ਸਮੁੱਚੇ ਵਿਸ਼ਵ ਵਿੱਚ ਆਪਣੀ ਹੋਂਦ ਦਾ ਅਹਿਸਾਸ ਕਰਵਾ ਰਹੀ ਹੈ। ਵਲਾਇਤ, ਕਨੇਡਾ, ਅਮਰੀਕਾ, ਯੁਰੋਪ, ਅਰਬ ਦੇਸ਼ਾਂ, ਜਾਪਾਨ, ਚਾਈਨਾ, ਰਸ਼ੀਆ, ਮਲੇਸ਼ੀਆ, ਥਾਈਲੈਂਡ, ਅਸਟ੍ਰੇਲੀਆ, ਦੱਖਣੀ ਅਫਰੀਕਾ, ਚਾਈਲ ਵਰਗੇ ਦੇਸਾਂ ਵਿੱਚ ਆਪਣੇ ਆਪ ਨੂੰ ਸਥਾਪਤ ਕਰ ਚੁੱਕਾ ਪੰਜਾਬੀ ਪਰਿਵਾਰ ਅੱਜ ਆਪਣੀਆ ਪੀੜ੍ਹੀਆਂ ਨੂੰ ਪੰਜਾਬੀ ਮਾਂ ਨਾਲ ਜੋੜਨ ਲਈ ਯਤਨਸ਼ੀਲ ਹੈ।
ਪੰਜਾਬੀ ਬੋਲੀ ਦੀ ਲਿਪੀ 'ਗੁਰਮੁਖੀ' ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਵਿਗਿਆਨਕ ਮਾਪਦੰਡਾਂ ਅਨੁਸਾਰ ਪ੍ਰਭਾਸ਼ਤ ਕੀਤੀ। ਵਾਹਗੇ ਦੇ ਪੱਛਮ ਵੱਲ ਵਸਦੇ ਸਾਡੇ ਮੁਸਲਿਮ ਭਰਾ 'ਸ਼ਾਹਮੁਖੀ' ਲਿਪੀ ਦੀ ਵਰਤੋਂ ਕਰਦੇ ਹਨ। ਪਰ ਦੋਵੇਂ ਆਪਣੀ ਮਾਂ ਦਾ ਹੱਦੋਂ ਵੱਧ ਸਤਿਕਾਰ ਕਰਦੇ ਨੇ। ਕੁਝ ਸਮੇਂ ਲਈ ਮਾਂ ਦਾ ਹਾਲ ਚਾਲ ਨਹੀਂ ਪੁਛਿਆ ਤੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮਾਂ ਦੇ ਪੁੱਤ ਕਪੁੱਤ ਨਿਕਲੇ। ਹਾਏ! ਸਾਡੀ ਮਾਂ ਤੇ ਐਨਾ ਵੱਡਾ ਕਲੰਕ ਸਾਡੀ ਮੂਰਖਤਾ ਕਰਕੇ? ਪਰ ਹੁਣ ਅਸੀਂ ਆਪਣੇ ਘਰ ਆ ਗਏ ਹਾਂ ਹੁਣ ਸਾਡੀ ਮਾਂ ਦੀ ਚੁੰਨੀ ਨੂੰ ਕੋਈ ਹੱਥ ਨੀ ਪਾ ਸਕਦਾ। ਸਾਡੀ ਮਾਂ ਦੀ ਸ਼ਾਨ ਬਹੁਤ ਬਹੁਤ ਬੁਲੰਦ ਰਹੀ ਹੈ ਤੇ ਬੁਲੰਦ ਹੋਵੇਗੀ। ਇਸ ਸਾਡਾ ਵਾਅਦਾ ਹੈ ਆਪਣੀ ਮਾਂ ਨਾਲ, ਆਪਣੇ ਆਪ ਨਾਲ।
ਇਹ ਇੱਕ ਉਪਰਾਲਾ ਹੈ ਸ਼ੁਰਲੀ.ਕੌਮ ਦੀ ਢਾਣੀ ਵਲੋਂ ਪੰਜਾਬੀ ਮਾਂ ਦੇ ਸਮੁੱਚੇ ਪਰਿਵਾਰ ਦੇ ਸਹਿਯੋਗ ਨਾਲ ਮਾਂ ਬੋਲੀ ਦੇ ਸਾਹਿਤ ਦਾ ਤੋਸ਼ਾਖਾਨਾ ਸਥਾਪਤ ਕਰਨ ਦਾ ਜਿੱਥੇ ਪੰਜਾਬੀ ਮਾਂ ਬੋਲੀ ਦੇ ਅਨਮੋਲ ਹੀਰੇ ਜਵਾਹਰਾਤ ਪ੍ਰਦਰਸ਼ਤ ਕੀਤੇ ਜਾਣਗੇ। ਸਾਡੇ ਪਰਿਵਾਰ ਵਲੋਂ ਮਾਂ ਬੋਲੀ ਦੀ ਉਂਗਲ ਫੜ੍ਹ ਕੇ, ਇਹਦੀ ਗੋਦੀ ਚੜ੍ਹ ਕੇ ਤੈਅ ਕੀਤੇ ਗਏ ਗੁਰਬਾਣੀ, ਭਜਨ,ਆਰਤੀਆਂ, ਕਹਾਣੀਆਂ, ਲੇਖਾਂ, ਕਵਿਤਾਵਾਂ, ਕਿਸਿਆਂ, ਵਾਰਾਂ, ਕਵਿਸ਼ਰੀ, ਸ਼ੇਅਰੋ-ਸ਼ਾਇਰੀ, ਗਜ਼ਲਾਂ, ਗੀਤਾਂ, ਨਾਵਲਾਂ, ਸਫਰਨਾਮਿਆਂ, ਹੱਡ-ਬੀਤੀਆ, ਜੱਗ-ਬੀਤੀਆਂ, ਆਪ-ਬੀਤੀਆਂ, ਜੀਵਨੀਆ, ਆਤਮ-ਕਥਾਵਾਂ ਆਦਿ ਦੇ ਕੀਤੇ ਲੰਬੇ ਅਤੇ ਸ਼ਾਨਮੱਤੇ ਸਫਰ ਨੂੰ ਬਾਖੂਬੀ ਸਤਿਕਾਰ ਅਤੇ ਸ਼ਾਨ ਸਹਿਤ ਪੇਸ਼ ਕੀਤਾ ਜਾਵੇਗਾ।
ਸਫਰ ਲੰਮੇਰਾ ਹੈ, ਪੰਧ ਬਿਖੜਾ ਹੈ, ਪਰ ਮਾਂ ਦੀ ਅਸੀਸ ਬਹੁਤ ਤਾਕਤਵਰ ਹੈ ਅਤੇ ਇਸੇ ਅਸੀਸ ਦੇ ਆਸਰੇ ਨਿਸ਼ਾਨੇ ਸਰ ਕਰਨ ਦਾ ਇਰਾਦਾ ਪੱਕਾ ਹੈ। ਸਮੁੱਚੇ ਪੰਜਾਬੀ ਪਰਿਵਾਰ ਤੋਂ ਇਮਾਨਦਾਰੀ ਅਤੇ ਗਰਮਜੋਸ਼ੀ ਨਾਲ ਸਾਥ ਦਿੱਤੇ ਜਾਣ ਦਾ ਵੀ ਸਾਨੂੰ ਪੂਰਨ ਭਰੋਸਾ ਹੈ।
ਅਕਾਲ-ਪੁਰਖ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦੇ ਹੋਏ ਆਪ ਸਭ ਨੂੰ 'ਜੀ ਆਇਆ ਨੂੰ' ਕਹਿੰਦੇ ਹਾਂ
ਹੇ ਅਕਾਲਪੁਰਖ! ਰਹਿਮਤ ਤੇਰੀ ਬਣੀ ਰਹੇ। ਮਿਹਨਤ ਮੇਰੀ ਬਣੀ ਰਹੇ।
ਧੰਨਵਾਦ : ਗੁਰਦੇਵ ਸਿੰਘ